ਕਾਲਾ ਧਨੌਲਾ ਦੇ ਐਨਕਾਉਂਟਰ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਕੀਤੀ ਮੰਗwww.samacharpunjab.com
- Admin Default
- 29 Feb, 2024 05:00
ਕਾਲਾ ਧਨੌਲਾ ਦੇ ਐਨਕਾਉਂਟਰ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਕੀਤੀ ਮੰਗ
ਧਨੌਲਾ/ਬਰਨਾਲਾ, 29 ਫਰਵਰੀ
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਬੀਤੇ ਦਿਨੀਂ ਪੁਲਿਸ ਵੱਲੋਂ ਕਥਿਤ ਐਨਕਾਉਂਟਰ ਵਿੱਚ ਮਾਰੇ ਗਏ ਸਾਬਕਾ ਐਮ.ਸੀ. ਗੁਰਮੀਤ ਸਿੰਘ ਉਰਫ ਕਾਲਾ ਧਨੌਲਾ ਦੀ ਅੰਤਿਮ ਅਰਦਾਸ ਵਿੱਚ ਸ਼ਮੂਲੀਅਤ ਕਰਕੇ ਸ਼ਰਧਾਂਜਲੀ ਭੇਟ ਕੀਤੀ |ਭੋਗ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਝੂਠੇ ਐਨਕਾਉਂਟਰਾਂ ਵਿੱਚ ਮਾਰਨਾ ਬੇਹੱਦ ਨਿੰਦਣਯੋਗ ਹੈ | ਸਿਰਫ ਪੰਜਾਬ ਵਿੱਚ ਹੀ ਨਹੀਂ, ਭਾਰਤੀ ਹਕੂਮਤ ਵੱਲੋਂ ਸਿੱਖਾਂ ਦੀ ਆਵਾਜ ਨੂੰ ਦਬਾਉਣ ਲਈ ਵਿਦੇਸ਼ਾਂ ਵਿੱਚ ਵੀ ਸਿੱਖ ਆਗੂਆਂ ਨੂੰ ਕਤਲ ਕਰਵਾਇਆ ਜਾ ਰਿਹਾ ਹੈ | ਆਏ ਦਿਨ ਹੋਣ ਵਾਲੇ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿਰੁੱਧ ਹੁਣ ਲੋਕ ਡੱਟ ਗਏ ਹਨ | ਇੰਡੀਆਂ ਦੀ ਹਕੂਮਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਪੂਰੇ ਵਿਸ਼ਵ ਵਿੱਚ ਚਾਰੇ ਪੈਸੇ ਫੈਲੇ ਹੋਏ ਹਨ, ਜਦੋਂਕਿ ਤੁਸੀਂ ਚਾਰੇ ਪਾਸੇ ਫੈਲੇ ਨਹੀਂ ਹੋਏ | ਇਸ ਲਈ ਭਾਰਤੀ ਹਕੂਮਤ ਨੂੰ ਸਿੱਖ ਕੌਮ ਵਿਰੋਧੀ ਕਾਰਵਾਈਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ | ਸ. ਮਾਨ ਨੇ ਕਿਹਾ ਕਿ ਹੁਣ ਇੰਡੀਆ ਦੀ ਸਰਕਾਰ ਵੱਲੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਸਿੱਖ ਸਾਨੂੰ ਕੈਨੇਡਾ, ਅਮਰੀਕਾ, ਆਸਟਰੇਲੀਆਂ ਸਮੇਤ ਹੋਰ ਵਿਦੇਸ਼ਾਂ ਵਿੱਚ ਧਮਕੀਆਂ ਦੇ ਰਹੇ ਹਨ |ਸਰਕਾਰ ਨੂੰ ਇਸ ਨੂੰ ਤੁਸੀਂ ਧਮਕੀ ਨਹੀਂ, ਸੁਨੇਹਾ ਸਮਝਣਾ ਚਾਹੀਦਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਸਾਡੇ ਬੱਚਿਆਂ ਨੂੰ ਫੜ੍ਹ ਕੇ ਝੂਠੇ ਮੁਕਾਬਲਿਆਂ ਵਿੱਚ ਕਤਲ ਕਰੇ | ਉਨ੍ਹਾਂ ਕਾਲਾ ਧਨੌਲਾ ਦੇ ਪੁਲਿਸ ਐਨਕਾਉਂਟਰ ਨੂੰ ਵੀ ਸ਼ੱਕੀ ਕਰਾਰ ਦਿੰਦਿਆਂ ਗਵਰਨਰ ਪੰਜਾਬ ਨੂੰ ਵੀ ਬੇਨਤੀ ਕੀਤੀ ਕਿ ਗੁਰਮੀਤ ਸਿੰਘ ਉਰਫ ਕਾਲਾ ਧਨੌਲਾ ਦੇ ਪੁਲਿਸ ਐਨਕਾਉਂਟਰ ਦੀ ਜਾਂਚ ਹਾਈਕੋਰਟ ਦੇ ਜੱਜਾਂ ਦੀ ਅਗਵਾਈ ਹੇਠ ਕਰਵਾਈ ਜਾਵੇ, ਤਾਂ ਜੋ ਕਾਲਾ ਧਨੌਲਾ ਦੀ ਹੱਤਿਆ ਦੀ ਗੁੱਥੀ ਸੁਲਝ ਸਕੇ ਅਤੇ ਪਤਾ ਚੱਲ ਸਕੇ ਕਿ ਇਹ ਪੁਲਿਸ ਐਨਕਾਉਂਟਰ ਝੂਠਾ ਸੀ ਜਾਂ ਸੱਚਾ ਸੀ | ਸ. ਮਾਨ ਨੇ ਕਿਹਾ ਕਿ ਪਰਿਵਾਰ ਵੱਲੋਂ ਕਾਨੂੰਨੀ ਲੜਾਈ ਹੁਣ ਅਸੀਂ ਲੜਾਂਗੇ |ਇਸ ਮੌਕੇ ਪਾਰਟੀ ਦੇ ਜਰਨਲ ਸਕੱਤਰ ਗੁਰਜੰਟ ਸਿੰਘ ਕੱਟ, ਕਾਲਾ ਧਨੌਲਾ ਦੇ ਪਿਤਾ ਜੀ ਗੁਰਜੰਟ ਸਿੰਘ ਮਾਨ, ਮਾਤਾ ਜੀ ਬਲਜੀਤ ਕੌਰ, ਹਰਿੰਦਰਜੀਤ ਸਿੰਘ ਧਨੌਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਕੋਮਲਦੀਪ ਸਿੰਘ ਯੂਥ ਪ੍ਰਧਾਨ ਧਨੌਲਾ, ਓਕਾਂਰ ਸਿੰਘ ਬਰਾੜ, ਗੁਰਮੇਲ ਸਿੰਘ ਬਾਠ, ਸੁਖਪਾਲ ਸਿੰਘ ਛੰਨਾ ਸਮੇਤ ਹੋਰ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਵੀ ਹਾਜਰ ਸਨ |
#barnalanews
#samacharpunjab







