:

ਬਾਇਲਰ ਦੀ ਮੁਰੰਮਤ ਕਰਦੇ ਸਮੇਂ ਕੈਮੀਕਲ ਕੰਪਨੀ ਦਾ ਇੰਜੀਨੀਅਰ ਹੋਇਆ ਫ਼ੌਤ


ਬਾਇਲਰ ਦੀ ਮੁਰੰਮਤ ਕਰਦੇ ਸਮੇਂ ਕੈਮੀਕਲ ਕੰਪਨੀ ਦਾ ਇੰਜੀਨੀਅਰ ਹੋਇਆ ਫ਼ੌਤ  

ਲਾਲੜੂ

ਨੇੜਲੇ ਪਿੰਡ ਮਲਕਪੁਰ ਵਿੱਚ ਇੱਕ ਨਿਰਮਾਣ ਅਧੀਨ ਕੈਮੀਕਲ ਫੈਕਟਰੀ ਦੀ ਪਹਿਲੀ ਮੰਜ਼ਿਲ 'ਤੇ ਬਾਇਲਰ ਦੀ ਮੁਰੰਮਤ ਕਰਦੇ ਸਮੇਂ  22 ਸਾਲਾ ਨੌਜਵਾਨ ਇੰਜੀਨੀਅਰ ਦੀ ਹੇਠਾਂ ਡਿੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਸੀਵਾਨ ਜ਼ਿਲ੍ਹਾ ਬਿਹਾਰ ਵਜੋਂ ਹੋਈ ਦੱਸੀ ਹੈ। ਪੁਲਿਸ ਨੇ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  

ਜਾਣਕਾਰੀ ਮੁਤਾਬਕ ਹਾਦਸਾ ਦੁਪਹਿਰ ਡੇਢ ਵਜੇ ਦੇ ਕਰੀਬ ਵਾਪਰਿਆ।  ਕਰੀਬ ਇੱਕ ਹਫ਼ਤਾ ਪਹਿਲਾਂ ਪਿੰਡ ਬੱਲੋਪੁਰ ਵਿੱਚ ਕਿਰਾਏ ’ਤੇ ਰਹਿਣ ਲਈ ਆਇਆ ਅਮਿਤ ਕੈਮੀਕਲ ਫੈਕਟਰੀ ਦੀ ਪਹਿਲੀ ਮੰਜ਼ਿਲ ’ਤੇ ਮੁਰੰਮਤ ਲਈ ਬੁਆਇਲਰ ਖੋਲ੍ਹ ਰਿਹਾ ਸੀ।  ਜਾਂਚ ਅਧਿਕਾਰੀ ਏ.ਐਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਸ ਕੋਲ ਇੱਕ ਫ਼ੋਨ ਆਇਆ ਅਤੇ ਫ਼ੋਨ ਸੁਣਦਿਆਂ ਹੀ ਉਹ ਪੌੜੀਆਂ ਵੱਲ ਮੁੜਿਆ ਪਰ ਉਸਦਾ ਪੈਰ ਤਿਲਕ ਗਿਆ ਅਤੇ ਉਸ ਦਾ ਸਿਰ ਮੋਟੇ ਲੋਹੇ ਦੇ ਏਂਗਲ 'ਤੇ ਵੱਜਿਆ।  ਲੋਹੇ ਦੇ ਐਂਗਲ ਨਾਲ ਉਸ ਦੇ ਸਿਰ ਅਤੇ ਛਾਤੀ 'ਤੇ ਡੂੰਘੀਆਂ ਸੱਟਾਂ ਲੱਗੀਆਂ।  ਫੈਕਟਰੀ ਦੇ ਮੈਨੇਜਰ ਦਾ ਨਾਂ ਵੀ ਅਮਿਤ ਹੈ , ਜਿਸ ਨੇ ਦੱਸਿਆ ਕਿ ਫੈਕਟਰੀ ਦਾ ਮਾਲਕ ਜਿੰਦਲ ਨਾਂ ਦਾ ਵਿਅਕਤੀ ਹੈ। 

ਉਹ ਅਜੇ ਤੱਕ ਮੌਕੇ 'ਤੇ ਨਹੀਂ ਪਹੁੰਚਿਆ ਸੀ।  ਵਰਕਰਾਂ ਨੇ ਅਮਿਤ ਕੁਮਾਰ ਨੂੰ ਗੱਡੀ ਵਿੱਚ ਲਾਲੜੂ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।  ਜਸਵਿੰਦਰ ਸਿੰਘ ਅਨੁਸਾਰ ਅਮਿਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  ਉਹ ਬਿਹਾਰ ਤੋਂ ਇੱਥੇ ਲਈ ਚਲ ਪਏ ਹਨ।  ਉਨ੍ਹਾਂ ਦੇ ਆਉਣ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਬਿਆਨਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।  ਫਿਲਹਾਲ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ।



Source babushahi 

ਤਾਜ਼ਾ ਖ਼ਬਰਾਂ
Gallery
Tags
Social Media