:

ਪੀਏਯੂ ਨੇ ਗੇਟ ਨੰਬਰ 1 ਤੇ ਬੂਮ ਬੈਰੀਅਰ ਲਾ ਕੇ ਅਹਿਮ ਪਹਿਲਕਦਮੀ ਕੀਤੀ


ਪੀਏਯੂ ਨੇ ਗੇਟ ਨੰਬਰ 1 ਤੇ ਬੂਮ ਬੈਰੀਅਰ ਲਾ ਕੇ ਅਹਿਮ ਪਹਿਲਕਦਮੀ ਕੀਤੀ 

 ਲੁਧਿਆਣਾ 

ਸਹਾਇਕ ਪੁਲਿਸ ਕਮਿਸ਼ਨਰ ਸ: ਗੁਰਦੇਵ ਸਿੰਘ ਅਤੇ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੱਲ੍ਹ ਪੀ ਏ ਯੂ ਲੁਧਿਆਣਾ ਵਿੱਚ ਆਵਾਜਾਈ ਦੀ ਦ੍ਰਿਸ਼ਟੀ ਤੋਂ ਅਹਿਮ ਪਹਿਲਕਦਮੀ ਨੂੰ ਅੰਜਾਮ ਦੇਣ ਲਈ ਗੇਟ ਨੰਬਰ 1 ਵਿਖੇ ਸਵੈ ਚਾਲਤ ਬੂਮ ਬੈਰੀਅਰ ਦਾ ਉਦਘਾਟਨ ਕੀਤਾ । ਇਹ ਸਮਾਰੋਹ  ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਸੰਦਰਭ ਵਿਚ ਆਯੋਜਿਤ ਕੀਤਾ ਗਿਆ। ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਅਮਲੇ ਨੇ ਇਸ ਸਮਾਗਮ ਵਿਚ  ਸ਼ਿਰਕਤ ਕੀਤੀ। ਇਸ ਕਦਮ ਨੂੰ ਕੈਂਪਸ ਵਿਚ ਆਵਾਜਾਈ ਪ੍ਰਬੰਧਨ ਦੇ ਆਧੁਨਿਕੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਸਕਦਾ ਹੈ।

 

 ਜ਼ਿਕਰ ਕੀਤਾ ਜਾਣਾ ਚਾਹੀਦਾ ਹੈ ਕਿ ਆਰ ਐੱਫ ਆਈ ਡੀ-ਸਮਰੱਥਾ ਵਾਲੇ ਬੂਮ ਬੈਰੀਅਰ ਸਿਸਟਮ ਵਿੱਚ ਅਜਿਹੇ ਸਕੈਨਰ ਹਨ ਜੋ ਆਰ ਐੱਫ ਆਈ ਡੀ ਸਟਿੱਕਰਾਂ ਵਾਲੇ ਯੂਨੀਵਰਸਿਟੀ ਵਾਹਨਾਂ ਲਈ ਆਪਣੇ ਆਪ ਹੀ ਰੁਕਾਵਟ ਨੂੰ ਚੁੱਕ ਦਿੰਦੇ ਹਨ।  ਗੈਰ-ਯੂਨੀਵਰਸਿਟੀ ਵਾਹਨਾਂ ਦੀ ਵੱਖਰੇ ਤੌਰ 'ਤੇ ਨਿਗਰਾਨੀ ਕਰਕੇ ਸੁਚਾਰੂ ਅਤੇ ਸੁਰੱਖਿਅਤ ਵਾਹਨਾਂ ਦੀ ਆਵਾਜਾਈ ਨੂੰ ਯਕੀਨੀ ਬਣਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਸਹਾਇਕ ਪੁਲਿਸ ਕਮਿਸ਼ਨਰ ਸ: ਗੁਰਦੇਵ ਸਿੰਘ ਨੇ ਪੀਏਯੂ ਵੱਲੋਂ ਅਜਿਹੇ ਨਿਵੇਕਲੇ ਉਪਰਾਲਿਆਂ ਦੀ ਸ਼ਲਾਘਾ ਕੀਤੀ।  ਉਨ੍ਹਾਂ ਕਿਹਾ ਕਿ ਆਧੁਨਿਕ ਯੋਗਤਾ ਵਾਲਾ ਇਹ ਪ੍ਰਬੰਧ ਆਵਾਜਾਈ ਵਿੱਚ ਅਨੁਸ਼ਾਸਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਸ ਨਾਲ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਵਾਸਤੇ ਯੂਨੀਵਰਸਿਟੀ ਨੇ ਹੋਰ ਸੰਸਥਾਵਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।

 ਇਸ ਮੌਕੇ 'ਤੇ ਬੋਲਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੈਂਪਸ ਦੀ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਨੂੰ ਵਧਾਉਣ ਲਈ ਪੀਏਯੂ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਇਹ ਪਹਿਲਕਦਮੀ ਬਿਹਤਰ ਪ੍ਰਸ਼ਾਸਨ ਅਤੇ ਸੁਰੱਖਿਆ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਉੱਪਰ ਕੇਂਦਰਿਤ ਹੈ।  ਬੂਮ ਬੈਰੀਅਰਾਂ ਨੂੰ ਆਵਾਜਾਈ ਨੂੰ ਢੁਕਵੀਂ ਬਣਾਉਣ ਅਤੇ ਵਾਹਨਾਂ ਦੀ ਗੈਰ ਜ਼ਰੂਰੀ ਆਮਦ ਪਹੁੰਚ ਨੂੰ ਰੋਕਣ ਦੇ ਨਾਲ ਕੈਂਪਸ ਵਿੱਚ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਾਗੂ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਕਿਸਾਨ ਯੂਨੀਵਰਸਿਟੀ ਦੀ ਸ਼ਕਤੀ ਹਨ ਅਤੇ ਕਿਸਾਨ ਮੇਲਿਆਂ ਵਰਗੇ ਸਮਾਗਮਾਂ ਦੌਰਾਨ ਕਿਸਾਨਾਂ ਦੀ ਆਮਦ ਦਾ ਸਵਾਗਤ ਰਹੇਗਾ।


Source babushahi 

 

ਤਾਜ਼ਾ ਖ਼ਬਰਾਂ
Gallery
Tags
Social Media